ਕੋਈ ਅਲੀ ਆਖੇ, ਕੋਈ ਵਲੀ ਆਖੇ
ਕੋਈ ਕਹੇ ਦਾਤਾ, ਸੱਚੇ ਮਾਲਕ ਨੂੰ
ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ
ਇਸ ਗੋਲ ਚੱਕੀ ਦੀਆਂ ਚਲਕਾਂ ਨੂੰ
ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ
ਜਿਦਾ ਨਾਮ ਲਈਏ ਤਾਂ ਸਰੂਰ ਹੋਵੇ
ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ
ਅੱਖਾਂ ਬੰਦ ਹੋਣ ਤਾਂ ਹਾਜ਼ੂਰ ਹੋਵੇ
ਕੋਈ ਸੋਣ ਵੇਲੇ, ਕੋਈ ਨ੍ਹਾਉਣ ਵੇਲੇ
ਕੋਈ ਗਾਉਣ ਵੇਲੇ ਤੈਨੂੰ ਯਾਦ ਕਰਦਾ
ਇਕ ਨਜ਼ਰ ਤੂੰ ਮੇਹਰ ਦੀ ਮਾਰ ਸਾਈਂ
ਸਰਤਾਜ ਵੀ ਖੜਾ ਫ਼ਰਿਆਦ ਕਰਦਾ
ਸਾਈਂ ਵੇ ਸਾਡੀ ਫ਼ਰਿਆਦ ਤੇਰੇ ਤਾਈਂ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਈ
ਸਾਈਂ ਵੇ ਮੇਰੇਆਂ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ
ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈਂ
ਸਾਈਂ ਵੇ ਬੋਲ ਖ਼ਾਕ ਸਾਰਿਆਂ ਦੇ ਪੁਗਾਈਂ
ਸਾਈਂ ਵੇ ਹੱਕ ਵਿੱਚ ਫ਼ੈਸਲੇ ਸੁਣਾਈਂ
ਸਾਈਂ ਵੇ ਹੌਲੀ ਹੌਲੀ ਖਾਮੀਆਂ ਘਟਾਈਂ
ਸਾਈਂ ਵੇ ਮੈਨੂੰ ਮੇਰੇ ਅੰਦਰੋਂ ਮੁਕਾਈਂ
ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈਂ
ਸਾਈਂ ਵੇ ਦੇਖੀਂ ਨਾ ਭਰੋਸੇ ਅਜ਼ਮਾਈਂ
ਸਾਈਂ ਵੇ ਔਖੇ ਸੋਖੇ ਰਾਹਾਂ ਚੋਂ ਕਢਾਈਂ
ਓ ਸਾਈਂ ਵੇ ਕਲਾ ਨੂੰ ਹੋਰ ਵੀ ਚਮਕਾਈਂ
ਸਾਈਂ ਵੇ ਸੁਰਾਂ ਨੂੰ ਬਿਠਾ ਦੇ ਥਾਂਉਂ ਥਾਂਉਂ
ਸਾਈਂ ਵੇ ਤਾਲ ਵਿੱਚ ਤੁਰਨਾ ਸਿਖਾਈਂ
ਸਾਈਂ ਵੇ ਸਾਜ਼ ਰੁੱਸ ਗਏ ਤਾਂ ਮਨਾਈਂ
ਸਾਈਂ ਵੇ ਇਨ੍ਹਾਂ ਨਾਲ ਵਾਅਦਾ ਵੀ ਗਹਿਰਾਈਂ
ਸਾਈਂ ਵੇ ਅੱਖਰਾਂ ਦਾ ਮੇਲ ਤੂੰ ਕਰਾਈਂ
ਸਾਈਂ ਵੇ ਕੰਨੀ ਕਿਸੇ ਗੀਤ ਦੀ ਫ਼ਰਾਈਂ
ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈਂ
ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈਂ
ਸਾਈਂ ਵੇ ਸ਼ਾਇਰੀ ਚ ਅਸਰ ਵਸਾਈਂ
ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈਂ
ਸਾਈਂ ਵੇ ਘੁੱਟ ਘੁੱਟ ਸਭ ਨੂੰ ਪਿਆਈਂ
ਸਾਈਂ ਵੇ ਇਸ਼ਕ਼ ਦਾ ਨਸ਼ਾ ਵੀ ਚੜ੍ਹਾਈਂ
ਸਾਈਂ ਵੇ ਸਿਰ ਤੋਂ ਖ਼ਿਆਲਾਂ ਨੂੰ ਕਰਾਈਂ
ਸਾਈਂ ਵੇ ਤਾਰਿਆਂ ਤੇ ਦੇਸ ਲੈ ਕੇ ਜਾਈਂ
ਸਾਈਂ ਵੇ ਸੁਫ਼ੀਆਂ ਦੇ ਵਾਂਗਰਾ ਨਚਾਈਂ
ਸਾਈਂ ਵੇ ਅਸੀਂ ਸੱਜ ਬੈਠੇ ਚਾਈ ਚਾਈ
ਸਾਈਂ ਵੇ ਥੋੜ੍ਹੀ ਬਹੁਤੀ ਅਦਾ ਵੀ ਸਿਖਾਈਂ
ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈਂ
ਸਾਈਂ ਵੇ ਲਾਜ਼ ਸਰਤਾਜ ਦੀ ਬਚਾਈਂ
ਸਾਈਂ ਵੇ ਭੁੱਲਿਆਂ ਨੂੰ ਉਂਗਲੀ ਫੜਾਈਂ
ਸਾਈਂ ਵੇ ਅੱਗੇ ਹੋ ਕੇ ਰਾਹ ਰੌਸ਼ਨਾਈਂ
ਸਾਈਂ ਵੇ ਨੇਹਰਿਆਂ ਚ ਪੱਲੇ ਨਾ ਚੁਰਾਈਂ
ਸਾਈਂ ਵੇ ਜ਼ਿੰਦਗੀ ਦੇ ਬੋਲ ਨੂੰ ਪੁਕਾਈਂ
ਸਾਈਂ ਵੇ ਫ਼ਿਕਰਾਂ ਨੂੰ ਹਵਾ ਚ ਉਡਾਈਂ
ਸਾਈਂ ਵੇ ਸਾਰੇ ਲੱਗੇ ਦਾਗ ਵੀ ਧੁਵਾਈਂ
ਸਾਈਂ ਵੇ ਸੀਲੇ ਸੀਲੇ ਨੈਣਾਂ ਨੂੰ ਸੁਕਾਈਂ
ਸਾਈਂ ਵੇ ਦਿਲਾਂ ਦੇ ਗੁਲਾਬ ਮਹਕਾਈਂ
ਸਾਈਂ ਵੇ ਬਸ ਪੱਟੀ ਪਿਆਰ ਦੀ ਪੜ੍ਹਾਈਂ
ਸਾਈਂ ਵੇ ਪਾਕ ਸਾਫ਼ ਰੂਹਾਂ ਨੂੰ ਮਿਲਾਈਂ
ਸਾਈਂ ਵੇ ਬੱਚਿਆਂ ਦੇ ਵਾਂਗ ਸਮਝਾਈਂ
ਸਾਈਂ ਵੇ ਮਾੜੇ ਕੰਮਾਂ ਤੋਂ ਘੁਰ ਕੇ ਹਟਾਈਂ
ਸਾਈਂ ਵੇ ਖੋਟਿਆਂ ਨੂੰ ਖਰਿਆਂ ਚ ਮਿਲਾਈਂ
ਸਾਈਂ ਵੇ ਲੋਹੇ ਨਾਲ ਪਰਸ ਘਿਸਾਈਂ
ਸਾਈਂ ਵੇ ਮਹਿੰਨਤ ਦੇ ਮੁੱਲ ਵੀ ਪੁਵਾਈਂ
ਸਾਈਂ ਵੇ ਮਰਿਆ ਦੇ ਮੰਡੀ ਨਾ ਵਿਕਾਈਂ
ਸਾਈਂ ਵੇ ਦੇਖੀਂ ਹੁਣ ਦੇਰ ਨਾ ਲਗਾਈਂ
ਸਾਈਂ ਵੇ ਦਰਾਂ ਤੇ ਖੜੇ ਹਾਂ ਖੇਰ ਪਾਈਂ
ਸਾਈਂ ਵੇ ਮੇਹਰਾਂ ਵਾਲੇ ਮੀਂਹ ਵੀ ਵਰਸਾਈਂ
ਸਾਈਂ ਵੇ ਅਕਲਾਂ ਦੇ ਘਰੇ ਨੂੰ ਭਰਾਈਂ
ਸਾਈਂ ਵੇ ਗੁੰਬਦ ਗਰੂਰ ਦੇ ਗਿਰਾਈਂ
ਸਾਈਂ ਵੇ ਅੱਗ ਵਾਂਗ ਹੋਸਲੇ ਪੁਗਾਈਂ
ਸਾਈਂ ਵੇ ਅੰਬਰਾਂ ਤੋਂ ਸੋਚ ਮੰਗਵਾਈਂ
ਸਾਈਂ ਵੇ ਆਪੇ ਵਾਜ਼ ਮਾਰ ਕੇ ਬੁਲਾਈਂ
ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈਂ
ਸਾਈਂ ਵੇ ਆਪਣੇ ਹੀ ਰੰਗ ਚ ਰੰਗਾਈਂ
ਸਾਈਂ ਮੈਂ ਹਰ ਵੇਲੇ ਕਰਾਂ ਸਾਈਂ ਸਾਈਂ
ਸਾਈਂ ਵੇ ਤੋਤੇ ਵਾਂਗੂ ਬੋਲ ਵੀ ਰਟਾਈਂ
ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈਂ
ਸਾਈਂ ਵੇ ਅਨਹਦ ਨਾਦ ਛੇੜ ਜਾਈਂ
ਸਾਈਂ ਵੇ ਰੂਹਾਨੀ ਕੋਈ ਤਾਲ ਛੇੜ ਜਾਈਂ
ਸਾਈਂ ਵੇ ਸੱਚੀ ਸਰਤਾਜ ਹੀ ਬਣਾਈਂ